Lyallpur Khalsa College student bags overall 3rd position in MA English in University Exams
ਲਾਇਲਪੁਰ ਖਾਲਸਾ ਕਾਲਜ ਜਲੰਧਰ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਉੱਤਮਤਾ ਲਈ ਪ੍ਰਮੁੱਖ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਦੀਆਂ ਮੈਰਿਟ ਪੁਜ਼ੀਸ਼ਨਾਂ, ਖੇਡਾਂ ਦੇ ਖੇਤਰ ਵਿੱਚ ਯੋਗਦਾਨ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਯੁਵਕ ਮੇਲਿਆਂ ਵਿੱਚ ਪ੍ਰਤੀਨਿਧਤਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਪ੍ਰਮਾਣ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਐਮ.ਏ. ਅੰਗਰੇਜ਼ੀ ਸਮੈਸਟਰ ਚੌਥਾ ਦੀ ਵਿਦਿਆਰਥਣ ਸਾਕਸ਼ੀ ਸ਼ਰਮਾ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ 1600 ਵਿਚੋਂ 1100 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਸਫ਼ਲਤਾ ਲਈ ਵਿਦਿਆਰਥਣ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦੇ ਹੋਏ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਖੋਜਣ ਲਈ ਉਤਸ਼ਾਹਿਤ ਕਰਦਾ ਅਤੇ ਆਪਣੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਪ੍ਰਦਾਨ ਕਰਦਾ ਹੈ। ਵਾਈਸ-ਪ੍ਰਿੰਸੀਪਲ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਜਸਰੀਨ ਕੌਰ ਨੇ ਕਿਹਾ ਕਿ ਵਿਭਾਗ ਆਪਣੇ ਵਿਦਿਆਰਥੀਆਂ ਦੀ ਅਕਾਦਮਿਕ ਉੱਤਮਤਾ ਲਈ ਕੋਈ ਕਸਰ ਬਾਕੀ ਨਹੀਂ ਛੱਡਦਾ। ਉਨ੍ਹਾਂ ਇਸ ਪ੍ਰਾਪਤੀ 'ਤੇ ਵਿਦਿਆਰਥੀ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋ. ਸਤਪਾਲ ਸਿੰਘ ਵੀ ਮੌਜੂਦ ਸਨ।
Comments
Post a Comment